ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਮਾਨੈ ਕੋਇ

Kabeer, the snake of separation from the Lord abides within my mind; it does not respond to any mantra.

ਹੇ ਕਬੀਰ! ('ਕਾਠ ਕੀ ਜਪਨੀ' ਤਾਂ ਕੁਝ ਸਵਾਰ ਨਹੀਂ ਸਕਦੀ, ਪਰ) ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਰਨ ਪੈ ਕੇ ਬਿਰਹੋਂ ਦਾ ਸੱਪ ਆ ਵੱਸੇ (ਜਿਸ ਮਨੁੱਖ ਨੂੰ ਗੁਰੂ-ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ) (ਕਾਮਾਦਿਕਾਂ ਦਾ) ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ। ਬਿਰਹੁ = ਵਿਛੋੜਾ, ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ, ਇਹ ਚੋਭ ਕਿ ਮੈਂ ਪਰਮਾਤਮਾ ਨਾਲੋਂ ਵਿਛੁੜਿਆ ਪਿਆ ਹਾਂ। ਭੁਯੰਗਮੁ = ਸੱਪ। ਮਨਿ = ਮਨ ਵਿਚ। ਨ ਮਾਨੈ = ਨਹੀਂ ਮੰਨਦਾ, ਕੀਲਿਆ ਨਹੀਂ ਜਾ ਸਕਦਾ।

ਰਾਮ ਬਿਓਗੀ ਨਾ ਜੀਐ ਜੀਐ ਬਉਰਾ ਹੋਇ ॥੭੬॥

One who is separated from the Lord does not live; if he does live, he goes insane. ||76||

ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜੀਊ ਹੀ ਨਹੀਂ ਸਕਦਾ, (ਭਾਵ, ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜੀਊ ਹੀ ਨਹੀਂ ਸਕਦਾ) ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ॥੭੬॥ ਰਾਮ ਬਿਓਗੀ = ਉਹ ਮਨੁੱਖ ਜਿਸ ਨੂੰ ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ ਹੈ, ਜਿਸ ਨੂੰ ਇਹ ਚੋਭ ਹੈ ਕਿ ਮੈਂ ਮਾਇਕ ਭੋਗਾਂ ਦੇ ਕਾਰਨ ਰੱਬ ਨਾਲੋਂ ਟੁੱਟਾ ਪਿਆ ਹਾਂ, ਜਿਸ ਨੂੰ ਬਿਰਹੋਂ-ਸੱਪ ਦਾ ਡੰਗ ਵੱਜ ਚੁਕਾ ਹੈ। ਨਾ ਜੀਐ = (ਵਿਕਾਰਾਂ ਵਾਸਤੇ) ਨਹੀਂ ਜੀਊ ਸਕਦਾ, (ਆਪਾ-ਭਾਵ ਵਿਚ) ਨਹੀਂ ਜੀਊ ਸਕਦਾ ਹੈ। ਬਉਰਾ = ਕਮਲਾ ॥੭੬॥