ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥
Kabeer, on the day when I die, afterwards there shall be bliss.
ਹੇ ਕਬੀਰ! (ਪ੍ਰਭੂ ਦੇ ਗੁਣ ਚੇਤੇ ਕਰ ਕੇ) ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਮੁੱਕ ਗਿਆ, ਤਦੋਂ ਮੇਰੇ ਅੰਦਰ ਸੁਖ ਬਣ ਗਿਆ। ਜਾ ਦਿਨ = (ਪ੍ਰਭੂ ਦੇ ਗੁਣ ਗਾ ਕੇ) ਜਿਸ ਦਿਨ, ਜਦੋਂ। ਹਉ ਮੂਆ = 'ਮੈਂ ਮੈਂ' ਕਰਨ ਵਾਲਾ ਮੁੱਕ ਗਿਆ, ਮੈਂ ਸੁਖੀ ਹੋਵਾਂ, ਮੈਂ ਧਨਾਢ ਬਣਾਂ; ਇਹ ਖ਼ਿਆਲ ਮੁੱਕ ਗਿਆ, ਦੇਹ-ਅੱਧਿਆਸ ਖ਼ਤਮ ਹੋ ਗਿਆ। ਪਾਛੈ = ਹਉਮੈ ਮੁੱਕਣ ਤੇ।
ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥
I shall meet with my Lord God. Those with me shall meditate and vibrate on the Lord of the Universe. ||6||
(ਨਿਰਾ ਸੁਖ ਹੀ ਨਾਹ ਬਣਿਆ) ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ, ਤੇ ਹੁਣ ਮੇਰੇ ਸਾਥੀ ਗਿਆਨ-ਇੰਦ੍ਰੇ ਭੀ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ (ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ) ॥੬॥ ਮੋਹਿ = ਮੈਨੂੰ। ਆਪਨਾ = ਮੇਰਾ ਪਿਆਰਾ। ਸੰਗੀ-ਸਾਥੀ, ਮੇਰੇ ਗਿਆਨ-ਇੰਦ੍ਰੇ। ਭਜਹਿ = ਸਿਮਰਨ ਕਰਨ ਲੱਗ ਪੈਂਦੇ ਹਨ। ਗਬਿੰਦੁ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ) ॥੬॥