ਸੰਤਹੁ ਮਨ ਪਵਨੈ ਸੁਖੁ ਬਨਿਆ ॥
O Saints, my windy mind has now become peaceful and still.
ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ
ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
It seems that I have learned something of the science of Yoga. ||Pause||
(ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਰਹਾਉ॥ ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ {ਨੋਟ: ਕਈ ਸੱਜਣਾਂ ਨੇ ਇਸ ਦਾ ਅਰਥ ਕੀਤਾ ਹੈ: "ਜੋਗ ਦੀ ਪ੍ਰਾਪਤੀ ਹੋ ਗਈ ਹੈ।" ਪਰ ਲਫ਼ਜ਼ 'ਜੋਗੁ' ਦੇ ਅੰਤ ਵਿਚ (ੁ) ਹੈ, ਇਸ ਦਾ ਅਰਥ "ਜੋਗ ਦੀ" ਨਹੀਂ ਹੋ ਸਕਦਾ। ਜਿਵੇਂ 'ਗੁਰ ਪਰਸਾਦੁ ਕਰੈ', ਇੱਥੇ ਲਫ਼ਜ਼ 'ਗੁਰੁ' ਦਾ ਅਰਥ 'ਗੁਰ ਦਾ' ਨਹੀਂ ਹੋ ਸਕਦਾ; ਹਾਂ, 'ਗੁਰ ਪ੍ਰਸਾਦਿ' ਵਿਚ ਲਫ਼ਜ਼ 'ਗੁਰ' ਦਾ ਅਰਥ 'ਗੁਰ ਦੀ' ਹੋਵੇਗਾ}। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ {❀ ਨੋਟ: ਆਪਣੇ ਕਿਸੇ ਬਣਾਏ ਹੋਏ ਖ਼ਿਆਲ ਅਨੁਸਾਰ ਕਬੀਰ ਜੀ ਦੀ ਬਾਣੀ ਵਿਚ ਵਰਤੇ ਹੋਏ ਲਫ਼ਜ਼ 'ਜੋਗ' ਨੂੰ ਹਰ ਥਾਂ 'ਜੋਗ-ਸਾਧਨ' ਵਿਚ ਵਰਤਿਆ ਸਮਝ ਲੈਣਾ ਠੀਕ ਨਹੀਂ ਹੈ। ਸ਼ਬਦ ਵਿਚ ਜੋ ਲਫ਼ਜ਼ ਜਿਸ ਸ਼ਕਲ ਵਿਚ ਵਰਤੇ ਹੋਏ ਹਨ, ਉਹਨਾਂ ਨੂੰ ਨਿਰਪੱਖ ਹੋ ਕੇ ਸਮਝਣ ਦਾ ਜਤਨ ਕਰੀਏ। ਭਗਤ ਕਬੀਰ ਜੀ ਆਦਿਕ ਨਿਰੇ ਬੰਦਗੀ ਵਾਲੇ ਮਹਾਂਪੁਰਖ ਨਹੀਂ ਸਨ, ਉਹ ਉੱਚੇ ਦਰਜੇ ਦੇ ਕਵੀ ਭੀ ਸਨ। ਇਹਨਾਂ ਦੀ 'ਰੱਬੀ ਕਵਿਤਾ' ਸਹੀ ਤਰੀਕੇ ਨਾਲ ਸਮਝਣ ਲਈ ਇਹਨਾਂ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਵੇਖ ਕੇ ਸਮਝਣ ਦੀ ਲੋੜ ਹੈ} ॥ਰਹਾਉ॥
ਗੁਰਿ ਦਿਖਲਾਈ ਮੋਰੀ ॥
The Guru has shown me the hole,
(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ।
ਜਿਤੁ ਮਿਰਗ ਪੜਤ ਹੈ ਚੋਰੀ ॥
through which the deer carefully enters.
ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ-ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ।
ਮੂੰਦਿ ਲੀਏ ਦਰਵਾਜੇ ॥
I have now closed off the doors,
(ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ।
ਬਾਜੀਅਲੇ ਅਨਹਦ ਬਾਜੇ ॥੧॥
and the unstruck celestial sound current resounds. ||1||
ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ ਅਨਹਦ = ਇੱਕ-ਰਸ। ਬਾਜੀਅਲੇ = ਵੱਜਣ ਲੱਗ ਪਏ ਹਨ। {❀ ਨੋਟ: ਗੁਰੂ ਦੇ ਹਿਦਾਇਤ ਕਰਨ ਤੋਂ ਪਹਿਲਾਂ, ਇੱਕ ਤਾਂ ਗਿਆਨ-ਇੰਦ੍ਰੇ ਖੁਲ੍ਹੇ ਰਹਿੰਦੇ ਸਨ ਤੇ ਕਾਮਾਦਿਕ ਇਹਨਾਂ ਦੀ ਰਾਹੀਂ ਅੰਦਰ ਲੰਘ ਆਉਂਦੇ ਸਨ; ਦੂਜੇ ਅੰਦਰ ਮਨ ਵੀ ਬਾਹਰਲੀਆਂ ਉਕਸਾਹਟਾਂ ਲਈ ਤਿਆਰ ਰਹਿੰਦਾ ਸੀ। ਹੁਣ, ਗੁਰੂ ਦੀ ਸਹਾਇਤਾ ਨਾਲ ਗਿਆਨ-ਇੰਦ੍ਰੇ ਪਰਾਇਆ ਰੂਪ ਨਿੰਦਿਆ ਆਦਿਕ ਨੂੰ ਸ੍ਵੀਕਾਰ ਕਰਨ ਵਲੋਂ ਰੋਕ ਲਏ ਗਏ ਹਨ; ਦੂਜੇ, ਪ੍ਰਭੂ ਦੀ ਸਿਫ਼ਤ-ਸਾਲਾਹ ਰੂਪ ਵਾਜੇ ਇਤਨੇ ਜ਼ੋਰ ਨਾਲ ਵੱਜ ਰਹੇ ਹਨ ਕਿ ਅੰਦਰ ਬੈਠੇ ਮਨ ਨੂੰ ਬਾਹਰੋਂ ਕਾਮਾਦਿਕਾਂ ਦਾ ਖੜਾਕ ਸੁਣਾਈ ਹੀ ਨਹੀਂ ਦੇਂਦਾ} ॥੧॥
ਕੁੰਭ ਕਮਲੁ ਜਲਿ ਭਰਿਆ ॥
The pitcher of my heart-lotus is filled with water;
(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, ਕੁੰਭ = ਹਿਰਦਾ-ਰੂਪ ਘੜਾ। ਜਲਿ = ਵਿਕਾਰ-ਰੂਪ ਪਾਣੀ ਨਾਲ।
ਜਲੁ ਮੇਟਿਆ ਊਭਾ ਕਰਿਆ ॥
I have spilled out the water, and set it upright.
(ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ।
ਕਹੁ ਕਬੀਰ ਜਨ ਜਾਨਿਆ ॥
Says Kabeer, the Lord's humble servant, this I know.
ਕਬੀਰ ਆਖਦਾ ਹੈ- (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ।
ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
Now that I know this, my mind is pleased and appeased. ||2||10||
ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥ ਮਾਨਿਆ = ਪਤੀਜ ਗਿਆ ਹੈ ॥੨॥੧੦॥