ਸਵੈਯਾ

ਸਵੈਯਾ:

ਲਾਲਨ ਕੋ ਸਰਪੇਚ ਬਧ︀ਯੋ ਸਿਰ ਮੋਤਿਨ ਕੀ ਉਰ ਮਾਲ ਬਿਰਾਜੈ

(ਉਸ ਨੇ) ਲਾਲਾਂ ਨਾਲ ਜੜ੍ਹਿਆ ਹੋਇਆ ਇਕ ਜ਼ੇਵਰ ('ਸਰਪੇਚ') ਸਿਰ ਉਤੇ ਬੰਨ੍ਹਿਆ ਹੋਇਆ ਹੈ ਅਤੇ ਗਲੇ ਵਿਚ ਮੋਤੀਆਂ ਦੀ ਮਾਲਾ ਸੋਭ ਰਹੀ ਹੈ।

ਭੂਖਨ ਚਾਰੁ ਦਿਪੈ ਅਤਿ ਹੀ ਦੁਤਿ ਦੇਖਿ ਮਨੋਜਵ ਕੋ ਮਨੁ ਲਾਜੈ

ਸੁੰਦਰ ਗਹਿਣਿਆਂ ਦੀ ਚਮਕ ਦਮਕ ਨੂੰ ਵੇਖ ਕੇ ਕਾਮ ਦੇਵ ਵੀ ਲਜਾ ਰਿਹਾ ਹੈ।

ਮੋਦ ਬਢੈ ਨਿਰਖੇ ਚਿਤ ਮੈ ਤਨਿਕੇਕ ਬਿਖੈ ਤਨ ਕੋ ਦੁਖ ਭਾਜੈ

(ਉਸ ਨੂੰ) ਵੇਖਣ ਨਾਲ ਚਿਤ ਵਿਚ ਆਨੰਦ ਵਧਦਾ ਹੈ ਅਤੇ ਇਕ ਛਿਣ ਵਿਚ ਤਨ ਦੇ ਦੁਖ ਭਜ ਜਾਂਦੇ ਹਨ।

ਜੋਬਨ ਜੋਤਿ ਜਗੈ ਸੁ ਮਨੋ ਸੁਰਰਾਜ ਸੁਰਾਨ ਕੇ ਭੀਤਰ ਰਾਜੈ ॥੧੮॥

(ਉਸ ਦੇ) ਜੋਬਨ ਦੀ ਜੋਤਿ ਇਸ ਤਰ੍ਹਾਂ ਜਗ ਰਹੀ ਹੈ ਮਾਨੋ ਦੇਵਤਿਆਂ ਵਿਚ ਇੰਦਰ ਸ਼ੋਭਾਇਮਾਨ ਹੋ ਰਿਹਾ ਹੋਵੇ ॥੧੮॥

ਛੋਰੈ ਹੈ ਬੰਦ ਅਨੂਪਮ ਸੁੰਦਰਿ ਪਾਨ ਚਬਾਇ ਸਿੰਗਾਰ ਬਨਾਯੋ

ਉਸ ਅਨੂਪਮ ਸੁੰਦਰੀ ਨੇ (ਅੰਗਰਖੇ ਦੀਆਂ) ਤਣੀਆਂ ਖੋਲ੍ਹੀਆਂ ਹੋਈਆਂ ਹਨ ਅਤੇ ਪਾਨ ਚਬਾਉਂਦੇ ਹੋਇਆਂ ਸ਼ਿੰਗਾਰ ਕੀਤਾ ਹੋਇਆ ਹੈ।

ਅੰਜਨ ਆਂਜਿ ਦੁਹੂੰ ਅਖਿਯਾਨ ਸੁ ਭਾਲ ਮੈ ਕੇਸਰਿ ਲਾਲ ਲਗਾਯੋ

ਦੋਹਾਂ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ ਅਤੇ ਮੱਥੇ ਉਤੇ ਕੇਸਰ ਦਾ ਲਾਲ ਟਿੱਕਾ ਲਗਾਇਆ ਹੋਇਆ ਹੈ।

ਝੂਮਕ ਦੇਤ ਝੁਕੈ ਝੁਮਕੇ ਕਬਿ ਰਾਮ ਸੁ ਭਾਵ ਭਲੋ ਲਖਿ ਪਾਯੋ

(ਉਸ ਦੇ) ਝੁਮਕੇ (ਸਿਰ) ਫੇਰਨ ਵੇਲੇ ਇਸ ਤਰ੍ਹਾਂ ਝੁਕ ਜਾਂਦੇ ਹਨ, ਕਵੀ ਰਾਮ ਨੇ ਸਹਿਜ ਹੀ ਇਹ ਭਾਵ ਸੋਚਿਆ ਹੈ,

ਮਾਨਹੁ ਸੌਤਿਨ ਕੇ ਮਨ ਕੋ ਇਕ ਬਾਰਹਿ ਬਾਧਿ ਕੈ ਜੇਲ ਚਲਾਯੋ ॥੧੯॥

ਮਾਨੋ ਸੌਂਕਣਾਂ ਦੇ ਮਨ ਨੂੰ ਇਕੋ ਵਾਰ ਬੰਨ੍ਹ ਕੇ ਜੇਲ ਭੇਜ ਦਿੱਤਾ ਹੋਵੇ ॥੧੯॥

ਹਾਰ ਸਿੰਗਾਰ ਕਰੇ ਸਭ ਹੀ ਤਿਨ ਕੇਸ ਛੁਟੇ ਸਿਰ ਸ︀ਯਾਮ ਸੁਹਾਵੈ

ਉਸ ਨੇ ਹਰ ਤਰ੍ਹਾਂ ਦੇ ਸ਼ਿੰਗਾਰ ਕਰ ਲਏ ਹਨ ਅਤੇ ਖੁਲ੍ਹੇ ਕਾਲੇ ਕੇਸ ਸਿਰ ਉਤੇ ਬਹੁਤ ਸ਼ੋਭਦੇ ਹਨ।

ਜੋਬਨ ਜੋਤਿ ਜਗੈ ਅਤਿ ਹੀ ਮੁਨਿ ਹੇਰਿ ਡਿਗੈ ਤਪ ਤੇ ਪਛੁਤਾਵੈ

(ਉਸ ਦੇ) ਜੋਬਨ ਦੀ ਜੋਤਿ ਬਹੁਤ ਅਧਿਕ ਜਗ ਰਹੀ ਹੈ। (ਉਸ ਨੂੰ) ਵੇਖ ਕੇ ਮੁਨੀ ਤਪ ਕਰਨ ਤੋਂ ਡਿਗ ਕੇ (ਅਰਥਾਤ ਭ੍ਰਸ਼ਟ ਹੋ ਕੇ) ਪਸਚਾਤਾਪ ਕਰ ਰਹੇ ਹਨ।

ਕਿੰਨਰ ਜਛ ਭੁਜੰਗ ਦਿਸਾ ਬਿਦਿਸਾਨ ਕੀ ਬਾਲ ਬਿਲੋਕਨ ਆਵੈ

ਕਿੰਨਰ, ਯਕਸ਼, ਭੁਜੰਗ ਅਤੇ ਦਿਸ਼ਾ-ਦਿਸ਼ਾਵਾਂ ਦੀਆਂ ਇਸਤਰੀਆਂ (ਉਸ ਨੂੰ) ਵੇਖਣ ਲਈ ਆ ਰਹੀਆਂ ਹਨ।

ਗੰਧ੍ਰਬ ਦੇਵ ਅਦੇਵਨ ਕੀ ਤ੍ਰਿਯ ਹੇਰਿ ਪ੍ਰਭਾ ਸਭ ਹੀ ਬਲ ਜਾਵੈ ॥੨੦॥

ਗੰਧਰਬਾਂ, ਦੇਵਤਿਆਂ, ਦੈਂਤਾਂ ਦੀਆਂ ਇਸਤਰੀਆਂ (ਉਸ ਦੀ) ਪ੍ਰਭਾ ਨੂੰ ਵੇਖ ਕੇ ਸਭ ਬਲਿਹਾਰੀ ਜਾਂਦੀਆਂ ਹਨ ॥੨੦॥