ਬਸੰਤੁ ਮਹਲਾ ੩ ॥
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
ਗੁਰਸਬਦੀ ਹਰਿ ਚੇਤਿ ਸੁਭਾਇ ॥
Through the Word of the Guru's Shabad, remember the Lord with love,
ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰੇਮ ਨਾਲ ਪਰਮਾਤਮਾ ਨੂੰ ਯਾਦ ਕਰ ਕਰ ਕੇ, ਸਬਦੀ = ਸ਼ਬਦ ਦੀ ਰਾਹੀਂ। ਚੇਤਿ = ਚੇਤ ਕੇ, ਸਿਮਰ ਕੇ। ਸੁਭਾਇ = ਪਿਆਰ ਨਾਲ।
ਰਾਮ ਨਾਮ ਰਸਿ ਰਹੈ ਅਘਾਇ ॥
and you shall remain satisfied by the sublime essence of the Lord's Name.
ਮਨੁੱਖ ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ। ਰਸਿ = ਰਸ ਨਾਲ। ਰਹੈ ਅਘਾਇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ।
ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥
The sins of millions upon millions of lifetimes shall be burnt away.
ਉਹਨਾਂ ਮਨੁੱਖਾਂ ਦੇ ਅਨੇਕਾਂ ਜਨਮਾਂ ਦੇ ਪਾਪ ਸੜ ਜਾਂਦੇ ਹਨ, ਕੋਟ = ਕਿਲ੍ਹੇ {ਬਹੁ-ਵਚਨ। 'ਕੋਟੁ' ਇਕ-ਵਚਨ} ਸਰੀਰ-ਕਿਲ੍ਹੇ। ਕੋਟ ਕੋਟੰਤਰ ਕੇ = ਕੋਟ ਕੋਟ ਅੰਤਰ ਕੇ, ਹੋਰ ਹੋਰ ਕਿਲ੍ਹਿਆਂ ਦੇ, ਅਨੇਕਾਂ ਸਰੀਰ-ਕਿਲ੍ਹਿਆਂ ਦੇ, ਅਨੇਕਾਂ ਜਨਮਾਂ ਦੇ। ਜਲਿ ਜਾਹਿ = ਸੜ ਜਾਂਦੇ ਹਨ।
ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥
Remaining dead while yet alive, you shall be absorbed in the Lord's Name. ||1||
ਜਿਹੜੇ ਹਰਿ-ਨਾਮ ਵਿਚ ਲੀਨ ਰਹਿੰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਬਚੇ ਰਹਿੰਦੇ ਹਨ ॥੧॥ ਜੀਵਤ ਮਰਹਿ = ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਵਿਕਾਰਾਂ ਵਲੋਂ ਅਡੋਲ ਰਹਿੰਦੇ ਹਨ। ਨਾਮਿ = ਨਾਮ ਵਿਚ ॥੧॥
ਹਰਿ ਕੀ ਦਾਤਿ ਹਰਿ ਜੀਉ ਜਾਣੈ ॥
The Dear Lord Himself knows His own bountiful blessings.
ਪਰਮਾਤਮਾ ਆਪ ਹੀ ਜਾਣਦਾ ਹੈ ਕਿ ਆਪਣੇ ਨਾਮ ਦੀ ਦਾਤ ਕਿਸ ਨੂੰ ਦੇਣੀ ਹੈ। ਜਾਣੈ = ਜਾਣਦਾ ਹੈ {ਇਕ-ਵਚਨ}।
ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥
This mind blossoms forth in the Guru's Shabad, chanting the Name of the Lord, the Giver of virtue. ||1||Pause||
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਬਖ਼ਸ਼ਸ਼ ਕਰਨ ਵਾਲਾ ਹਰਿ-ਨਾਮ ਉਚਾਰਦਾ ਹੈ, ਉਸ ਦਾ ਇਹ ਮਨ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥ ਮਉਲਿਆ = ਖਿੜਿਆ ਹੋਇਆ, ਆਤਮਕ ਜੀਵਨ ਨਾਲ ਭਰਪੂਰ। ਵਖਾਣੈ = (ਉਹ ਮਨੁੱਖ) ਉਚਾਰਦਾ ਹੈ। ਹਰਿ ਗੁਣ ਦਾਤਾ ਨਾਮੁ = ਹਰੀ ਦੇ ਗੁਣ (ਹਿਰਦੇ ਵਿਚ) ਪੈਦਾ ਕਰਨ ਵਾਲਾ ਹਰਿ-ਨਾਮ ॥੧॥ ਰਹਾਉ ॥
ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥
No one is liberated by wandering around in saffron-colored robes.
ਭਗਵੇ ਰੰਗ ਦੇ ਭੇਖ ਨਾਲ (ਧਰਤੀ ਉਤੇ) ਭੌਂ ਕੇ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ। ਵੇਸਿ = ਵੇਸ ਨਾਲ, ਭੇਖ ਨਾਲ। ਭ੍ਰਮਿ = (ਧਰਤੀ ਉਤੇ) ਭੌਂ ਭੌਂ ਕੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।
ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥
Tranquility is not found by strict self-discipline.
ਕਠਨ ਤਪਾਂ ਨਾਲ ਨਿਰੇ ਵਿਕਾਰਾਂ ਤੋਂ ਬਚਣ ਦੇ ਜਤਨ ਨਾਲ ਭੀ ਕੋਈ ਮਨੁੱਖ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਸੰਜਮਿ = ਸੰਜਮ ਨਾਲ, ਕਠਨ ਤਪਾਂ ਨਾਲ, ਨਿਰੇ ਵਿਕਾਰਾਂ ਤੋਂ ਬਚਨ ਦੇ ਜਤਨ ਨਾਲ।
ਗੁਰਮਤਿ ਨਾਮੁ ਪਰਾਪਤਿ ਹੋਇ ॥
But by following the Guru's Teachings, one is blessed to receive the Naam, the Name of the Lord.
ਜਿਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ,
ਵਡਭਾਗੀ ਹਰਿ ਪਾਵੈ ਸੋਇ ॥੨॥
By great good fortune, one finds the Lord. ||2||
ਉਹ ਵਡ-ਭਾਗੀ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥ ਸੋਇ = ਉਹ ਮਨੁੱਖ ॥੨॥
ਕਲਿ ਮਹਿ ਰਾਮ ਨਾਮਿ ਵਡਿਆਈ ॥
In this Dark Age of Kali Yuga, glorious greatness comes through the Lord's Name.
ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ। ਕਲਿ ਮਹਿ = ਬਖੇੜਿਆਂ-ਭਰੇ ਜਗਤ ਵਿਚ {ਨੋਟ: ਇਥੇ ਜੁਗਾਂ ਦੇ ਨਿਰਨੇ ਦਾ ਜ਼ਿਕਰ ਨਹੀਂ ਹੈ। ਜੁਗ ਕੋਈ ਭੀ ਹੋਵੇ 'ਨਾਮਿ ਰਤੇ ਸਦਾ ਸੁਖੁ ਪਾਈ'। ਲਫ਼ਜ਼ 'ਸਦਾ' ਦੱਸਦਾ ਹੈ ਕਿ ਇਥੇ 'ਜੁਗਾਂ' ਬਾਰੇ ਵਿਚਾਰ ਨਹੀਂ ਹੈ}। ਨਾਮਿ = ਨਾਮ ਦੀ ਰਾਹੀਂ।
ਗੁਰ ਪੂਰੇ ਤੇ ਪਾਇਆ ਜਾਈ ॥
Through the Perfect Guru, it is obtained.
ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਤੇ = ਤੋਂ, ਦੀ ਰਾਹੀਂ।
ਨਾਮਿ ਰਤੇ ਸਦਾ ਸੁਖੁ ਪਾਈ ॥
Those who are imbued with the Naam find everlasting peace.
ਹਰਿ-ਨਾਮ (ਦੇ ਪਿਆਰ-ਰੰਗ) ਵਿਚ ਰੰਗੀਜ ਕੇ ਮਨੁੱਖ ਸਦਾ (ਹਰੇਕ ਜੁਗ ਵਿਚ) ਸੁਖ ਮਾਣਦਾ ਹੈ।
ਬਿਨੁ ਨਾਮੈ ਹਉਮੈ ਜਲਿ ਜਾਈ ॥੩॥
But without the Naam, mortals burn in egotism. ||3||
ਨਾਮ ਤੋਂ ਬਿਨਾ ਮਨੁੱਖ ਹਉਮੈ ਦੀ ਅੱਗ ਵਿਚ ਆਪਣਾ ਆਤਮਕ ਜੀਵਨ ਸੁਆਹ ਕਰ ਲੈਂਦਾ ਹੈ ॥੩॥ ਹਉਮੈ = ਅਹੰਕਾਰ ਵਿਚ। ਜਲਿ ਜਾਈ = ਸੜਦਾ ਹੈ, ਆਤਮਕ ਜੀਵਨ ਸੁਆਹ ਕਰ ਲੈਂਦਾ ਹੈ ॥੩॥
ਵਡਭਾਗੀ ਹਰਿ ਨਾਮੁ ਬੀਚਾਰਾ ॥
By great good furtune, some contemplate the Lord's Name.
ਜਿਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, ਬੀਚਾਰਾ = ਵਿਚਾਰਦਾ, ਸੋਚ = ਮੰਡਲ ਵਿਚ ਵਸਾਂਦਾ।
ਛੂਟੈ ਰਾਮ ਨਾਮਿ ਦੁਖੁ ਸਾਰਾ ॥
Through the Lord's Name, all sorrows are eradicated.
ਨਾਮ ਦੀ ਬਰਕਤਿ ਨਾਲ ਉਸ ਦਾ ਸਾਰਾ ਦੁੱਖ ਮੁੱਕ ਜਾਂਦਾ ਹੈ। ਛੂਟੈ = ਮੁੱਕ ਜਾਂਦਾ ਹੈ।
ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥
He dwells within the heart, and pervades the external universe as well.
(ਉਹ ਜਾਣਦਾ ਹੈ ਕਿ ਜਿਹੜਾ ਪ੍ਰਭੂ) ਹਿਰਦੇ ਵਿਚ ਵੱਸ ਰਿਹਾ ਹੈ, ਬਾਹਰ ਜਗਤ ਵਿਚ ਭੀ ਉਹੀ ਪਸਰਿਆ ਹੋਇਆ ਹੈ। ਹਿਰਦੈ = ਹਿਰਦੇ ਵਿਚ। ਸੁ = ਉਹ ਪ੍ਰਭੂ।
ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥
O Nanak, the Creator Lord knows all. ||4||12||
ਹੇ ਨਾਨਕ! ਉਹ ਮਨੁੱਖ ਹਰ ਥਾਂ ਸਿਰਜਣਹਾਰ ਨੂੰ ਵੱਸਦਾ ਸਮਝਦਾ ਹੈ ॥੪॥੧੨॥ ਸਭੁ = ਹਰ ਥਾਂ (ਵੱਸਦਾ)। ਉਪਾਵਣਹਾਰਾ = ਸਿਰਜਣਹਾਰ ॥੪॥੧੨॥