ਤੋਟਕ ਛੰਦ ॥
ਤਬ ਦਾਨਵ ਰੋਸ ਭਰੇ ਸਬ ਹੀ ॥
ਜਗ ਮਾਤ ਕੇ ਬਾਣ ਲਗੈ ਜਬ ਹੀ ॥
ਬਿਬਿਧਾਯੁਧ ਲੈ ਸੁ ਬਲੀ ਹਰਖੇ ॥
ਘਨ ਬੂੰਦਨ ਜਿਯੋ ਬਿਸਖੰ ਬਰਖੇ ॥੧੬॥
ਜਨੁ ਘੋਰ ਕੈ ਸਿਆਮ ਘਟਾ ਘੁਮਡੀ ॥
ਅਸੁਰੇਸ ਅਨੀਕਨਿ ਤ੍ਰਯੋ ਉਮਿਡੀ ॥
ਜਗ ਮਾਤ ਬਿਰੂਥਨਿ ਮੋ ਧਸਿ ਕੈ ॥
ਧਨੁ ਸਾਇਕ ਹਾਥ ਗਹਿਯੋ ਹਸਿ ਕੈ ॥੧੭॥
ਰਣ ਕੁੰਜਰ ਪੁੰਜ ਗਿਰਾਇ ਦੀਏ ॥
ਇਕ ਖੰਡ ਅਖੰਡ ਦੁਖੰਡ ਕੀਏ ॥
ਸਿਰ ਏਕਨਿ ਚੋਟ ਨਿਫੋਟ ਬਹੀ ॥
ਤਰਵਾਰ ਹੁਐ ਤਰਵਾਰ ਰਹੀ ॥੧੮॥
ਤਨ ਝਝਰ ਹੁਐ ਰਣ ਭੂਮਿ ਗਿਰੇ ॥
ਇਕ ਭਾਜ ਚਲੇ ਫਿਰ ਕੈ ਨ ਫਿਰੇ ॥
ਇਕਿ ਹਾਥ ਹਥਿਆਰ ਲੈ ਆਨਿ ਬਹੇ ॥
ਲਰਿ ਕੈ ਮਰਿ ਕੈ ਗਿਰਿ ਖੇਤਿ ਰਹੇ ॥੧੯॥
ਨਰਾਜ ਛੰਦ ॥
ਤਹਾ ਸੁ ਦੈਤ ਰਾਜਯੰ ॥
ਸਜੇ ਸੋ ਸਰਬ ਸਾਜਯੰ ॥
ਤੁਰੰਗ ਆਪ ਬਾਹੀਯੰ ॥
ਬਧੰ ਸੁ ਮਾਤ ਚਾਹੀਯੰ ॥੨੦॥
ਤਬੈ ਦ੍ਰੁਗਾ ਬਕਾਰਿ ਕੈ ॥
ਕਮਾਣ ਬਾਣ ਧਾਰਿ ਕੈ ॥
ਸੁ ਘਾਵ ਚਾਮਰੰ ਕੀਯੋ ॥
ਉਤਾਰ ਹਸਤਿ ਤੇ ਦੀਯੋ ॥੨੧॥
ਭੁਜੰਗ ਪ੍ਰਯਾਤ ਛੰਦ ॥
ਤਬੈ ਬੀਰ ਕੋਪੰ ਬਿੜਾਲਾਛ ਨਾਮੰ ॥
ਸਜੇ ਸਸਤ੍ਰ ਦੇਹੰ ਚਲੋ ਜੁਧ ਧਾਮੰ ॥
ਸਿਰੰ ਸਿੰਘ ਕੇ ਆਨਿ ਘਾਯੰ ਪ੍ਰਹਾਰੰ ॥
ਬਲੀ ਸਿੰਘ ਸੋ ਹਾਥ ਸੋ ਮਾਰਿ ਡਾਰੰ ॥੨੨॥
ਬਿੜਾਲਾਛ ਮਾਰੇ ਸੁ ਪਿੰਗਾਛ ਧਾਏ ॥
ਦ੍ਰੁਗਾ ਸਾਮੁਹੇ ਬੋਲ ਬਾਕੇ ਸੁਨਾਏ ॥
ਕਰੀ ਅਭ੍ਰਿ ਜ︀ਯੋ ਗਰਜ ਕੈ ਬਾਣ ਬਰਖੰ ॥
ਮਹਾ ਸੂਰ ਬੀਰੰ ਭਰੇ ਜੁਧ ਹਰਖੰ ॥੨੩॥
ਤਬੈ ਦੇਵੀਅੰ ਪਾਣਿ ਬਾਣੰ ਸੰਭਾਰੰ ॥
ਹਨਿਯੋ ਦੁਸਟ ਕੇ ਘਾਇ ਸੀਸੰ ਮਝਾਰੰ ॥
ਗਿਰਿਯੋ ਝੂਮਿ ਭੂਮੰ ਗਏ ਪ੍ਰਾਣ ਛੁਟੰ ॥
ਮਨੋ ਮੇਰ ਕੋ ਸਾਤਵੌ ਸ੍ਰਿੰਗ ਟੁਟੰ ॥੨੪॥
ਗਿਰੈ ਬੀਰ ਪਿੰਗਾਛ ਦੇਬੀ ਸੰਘਾਰੇ ॥
ਚਲੇ ਅਉਰੁ ਬੀਰੰ ਹਥਿਆਰੰ ਉਘਾਰੇ ॥
ਤਬੈ ਰੋਸਿ ਦੇਬਿਯੰ ਸਰੋਘੰ ਚਲਾਏ ॥
ਬਿਨਾ ਪ੍ਰਾਨ ਕੇ ਜੁਧ ਮਧੰ ਗਿਰਾਏ ॥੨੫॥
ਚੌਪਈ ॥
ਜੇ ਜੇ ਸਤ੍ਰੁ ਸਾਮੁਹੇ ਆਏ ॥
ਸਬੈ ਦੇਵਤਾ ਮਾਰਿ ਗਿਰਾਏ ॥
ਸੈਨਾ ਸਕਲ ਜਬੈ ਹਨਿ ਡਾਰੀ ॥
ਆਸੁਰੇਸ ਕੋਪਾ ਅਹੰਕਾਰੀ ॥੨੬॥
ਆਪ ਜੁਧ ਤਬ ਕੀਆ ਭਵਾਨੀ ॥
ਚੁਨਿ ਚੁਨਿ ਹਨੈ ਪਖਰੀਆ ਬਾਨੀ ॥
ਕ੍ਰੋਧ ਜੁਆਲ ਮਸਤਕ ਤੇ ਬਿਗਸੀ ॥
ਤਾ ਤੇ ਆਪ ਕਾਲਿਕਾ ਨਿਕਸੀ ॥੨੭॥