ਰਸਾਵਲ ਛੰਦ

ਝਮੀ ਤੇਗ ਝਟੰ

ਛੁਰੀ ਛਿਪ੍ਰ ਛੁਟੰ

ਗੁਰੰ ਗੁਰਜ ਗਟੰ

ਪਲੰਗੰ ਪਿਸਟੰ ॥੨੦॥੧੭੬॥

ਕਿਤੇ ਸ੍ਰੋਣ ਚਟੰ

ਕਿਤੇ ਸੀਸ ਫੁਟੰ

ਕਹੂੰ ਹੂਹ ਛੁਟੰ

ਕਹੂੰ ਬੀਰ ਉਠੰ ॥੨੧॥੧੭੭॥

ਕਹੂੰ ਧੂਰਿ ਲੁਟੰ

ਕਿਤੇ ਮਾਰ ਰਟੰ

ਭਣੈ ਜਸ ਭਟੰ

ਕਿਤੇ ਪੇਟ ਫਟੰ ॥੨੨॥੧੭੮॥

ਭਜੇ ਛਤ੍ਰਿ ਥਟੰ

ਕਿਤੇ ਖੂਨ ਖਟੰ

ਕਿਤੇ ਦੁਸਟ ਦਟੰ

ਫਿਰੇ ਜ︀ਯੋ ਹਰਟੰ ॥੨੩॥੧੭੯॥

ਸਜੇ ਸੂਰ ਸਾਰੇ

ਮਹਿਖੁਆਸ ਧਾਰੇ

ਲਏ ਖਗਆਰੇ

ਮਹਾ ਰੋਹ ਵਾਰੇ ॥੨੪॥੧੮੦॥

ਸਹੀ ਰੂਪ ਕਾਰੇ

ਮਨੋ ਸਿੰਧੁ ਖਾਰੇ

ਕਈ ਬਾਰ ਗਾਰੇ

ਸੁ ਮਾਰੰ ਉਚਾਰੇ ॥੨੫॥੧੮੧॥

ਭਵਾਨੀ ਪਛਾਰੇ

ਜਵਾ ਜੇਮਿ ਜਾਰੇ

ਬਡੇਈ ਲੁਝਾਰੇ

ਹੁਤੇ ਜੇ ਹੀਏ ਵਾਰੇ ॥੨੬॥੧੮੨॥

ਇਕੰ ਬਾਰ ਟਾਰੇ

ਠਮੰ ਠੋਕਿ ਠਾਰੇ

ਬਲੀ ਮਾਰ ਡਾਰੇ

ਢਮਕੇ ਢਢਾਰੇ ॥੨੭॥੧੮੩॥

ਬਹੇ ਬਾਣਣਿਆਰੇ

ਕਿਤੈ ਤੀਰ ਤਾਰੇ

ਲਖੇ ਹਾਥ ਬਾਰੇ

ਦਿਵਾਨੇ ਦਿਦਾਰੇ ॥੨੮॥੧੮੪॥

ਹਣੇ ਭੂਮਿ ਪਾਰੇ

ਕਿਤੇ ਸਿੰਘ ਫਾਰੇ

ਕਿਤੇ ਆਪੁ ਬਾਰੇ

ਜਿਤੇ ਦੈਤ ਭਾਰੇ ॥੨੯॥੧੮੫॥

ਤਿਤੇ ਅੰਤ ਹਾਰੇ

ਬਡੇਈ ਅੜਿਆਰੇ

ਖਰੇਈ ਬਰਿਆਰੇ

ਕਰੂਰੰ ਕਰਾਰੇ ॥੩੦॥੧੮੬॥

ਲਪਕੇ ਲਲਾਹੇ

ਅਰੀਲੇ ਅਰਿਆਰੇ

ਹਣੇ ਕਾਲ ਕਾਰੇ

ਭਜੇ ਰੋਹ ਵਾਰੇ ॥੩੧॥੧੮੭॥

ਦੋਹਰਾ

ਇਹ ਬਿਧਿ ਦੁਸਟ ਪ੍ਰਜਾਰ ਕੈ ਸਸਤ੍ਰ ਅਸਤ੍ਰ ਕਰਿ ਲੀਨ

ਬਾਣ ਬੂੰਦ ਪ੍ਰਿਥਮੈ ਬਰਖ ਸਿੰਘ ਨਾਦ ਪੁਨਿ ਕੀਨ ॥੩੨॥੧੮੮॥

ਰਸਾਵਲ ਛੰਦ

ਸੁਣਿਯੋ ਸੁੰਭ ਰਾਯੰ

ਚੜਿਯੋ ਚਉਪ ਚਾਯੰ

ਸਜੇ ਸਸਤ੍ਰ ਪਾਣੰ

ਚੜੇ ਜੰਗਿ ਜੁਆਣੰ ॥੩੩॥੧੮੯॥

ਲਗੈ ਢੋਲ ਢੰਕੇ

ਕਮਾਣੰ ਕੜੰਕੇ

ਭਏ ਨਦ ਨਾਦੰ

ਧੁਣੰ ਨਿਰਬਿਖਾਦੰ ॥੩੪॥੧੯੦॥

ਚਮਕੀ ਕ੍ਰਿਪਾਣੰ

ਹਠੇ ਤੇਜ ਮਾਣੰ

ਮਹਾਬੀਰ ਹੁੰਕੇ

ਸੁ ਨੀਸਾਣ ਦ੍ਰੁੰਕੇ ॥੩੫॥੧੯੧॥

ਚਹੂੰ ਓਰ ਗਰਜੇ

ਸਬੇ ਦੇਵ ਲਰਜੇ

ਸਰੰ ਧਾਰ ਬਰਖੇ

ਮਈਯਾ ਪਾਣ ਪਰਖੇ ॥੩੬॥੧੯੨॥

ਚੌਪਈ

ਜੇ ਲਏ ਸਸਤ੍ਰ ਸਾਮੁਹੇ ਧਏ

ਤਿਤੇ ਨਿਧਨ ਕਹੁੰ ਪ੍ਰਾਪਤਿ ਭਏ

ਝਮਕਤ ਭਈ ਅਸਨ ਕੀ ਧਾਰਾ

ਭਭਕੇ ਰੁੰਡ ਮੁੰਡ ਬਿਕਰਾਰਾ ॥੩੭॥੧੯੩॥