ਤੋਟਕ ਛੰਦ ॥
ਤ੍ਰਿਪੁਰੈ ਇਕ ਦੈਤ ਬਢਿਯੋ ਤ੍ਰਿਪੁਰੰ ॥
ਜਿਹ ਤੇਜ ਤਪੈ ਰਵਿ ਜਿਉ ਤ੍ਰਿਪੁਰੰ ॥
ਬਰਦਾਇ ਮਹਾਸੁਰ ਐਸ ਭਯੋ ॥
ਜਿਨਿ ਲੋਕ ਚਤੁਰਦਸ ਜੀਤ ਲਯੋ ॥੯॥
ਜੋਊ ਏਕ ਹੀ ਬਾਣ ਹਣੇ ਤ੍ਰਿਪੁਰੰ ॥
ਸੋਊ ਨਾਸ ਕਰੈ ਤਿਹ ਦੈਤ ਦੁਰੰ ॥
ਅਸ ਕੋ ਪ੍ਰਗਟਿਯੋ ਕਬਿ ਤਾਹਿ ਗਨੈ ॥
ਇਕ ਬਾਣ ਹੀ ਸੋ ਪੁਰ ਤੀਨ ਹਨੈ ॥੧੦॥
ਸਿਵ ਧਾਇ ਚਲਿਯੋ ਤਿਹ ਮਾਰਨ ਕੋ ॥
ਜਗ ਕੇ ਸਬ ਜੀਵ ਉਧਾਰਨ ਕੋ ॥
ਕਰਿ ਕੋਪਿ ਤਜਿਯੋ ਸਿਤ ਸੁਧ ਸਰੰ ॥
ਇਕ ਬਾਰ ਹੀ ਨਾਸ ਕੀਯੋ ਤ੍ਰਿਪੁਰੰ ॥੧੧॥
ਲਖਿ ਕਉਤੁਕ ਸਾਧ ਸਬੈ ਹਰਖੇ ॥
ਸੁਮਨੰ ਬਰਖਾ ਨਭ ਤੇ ਬਰਖੇ ॥
ਧੁਨਿ ਪੂਰ ਰਹੀ ਜਯ ਸਦ ਹੂਅੰ ॥
ਗਿਰਿ ਹੇਮ ਹਲਾਚਲ ਕੰਪ ਭੂਅੰ ॥੧੨॥
ਦਿਨ ਕੇਤਕ ਬੀਤ ਗਏ ਜਬ ਹੀ ॥
ਅਸੁਰੰਧਕ ਬੀਰ ਬੀਯੋ ਤਬ ਹੀ ॥
ਤਬ ਬੈਲਿ ਚੜਿਯੋ ਗਹਿ ਸੂਲ ਸਿਵੰ ॥
ਸੁਰ ਚਉਕਿ ਚਲੇ ਹਰਿ ਕੋਪ ਕਿਵੰ ॥੧੩॥
ਗਣ ਗੰਧ੍ਰਬ ਜਛ ਸਬੈ ਉਰਗੰ ॥
ਬਰਦਾਨ ਦਯੋ ਸਿਵ ਕੋ ਦੁਰਗੰ ॥
ਹਨਿਹੋ ਨਿਰਖੰਤ ਮੁਰਾਰਿ ਸੁਰੰ ॥
ਤ੍ਰਿਪੁਰਾਰਿ ਹਨਿਯੋ ਜਿਮ ਕੈ ਤ੍ਰਿਪੁਰੰ ॥੧੪॥
ਉਹ ਓਰਿ ਚੜੇ ਦਲ ਲੈ ਦੁਜਨੰ ॥
ਇਹ ਓਰ ਰਿਸ੍ਰਯੋ ਗਹਿ ਸੂਲ ਸਿਵੰ ॥
ਰਣ ਰੰਗ ਰੰਗੇ ਰਣਧੀਰ ਰਣੰ ॥
ਜਨ ਸੋਭਤ ਪਾਵਕ ਜੁਆਲ ਬਣੰ ॥੧੫॥
ਦਨੁ ਦੇਵ ਦੋਊ ਰਣ ਰੰਗ ਰਚੇ ॥
ਗਹਿ ਸਸਤ੍ਰ ਸਬੈ ਰਸ ਰੁਦ੍ਰ ਮਚੇ ॥
ਸਰ ਛਾਡਤ ਬੀਰ ਦੋਊ ਹਰਖੈ ॥
ਜਨੁ ਅੰਤਿ ਪ੍ਰਲੈ ਘਨ ਸੈ ਬਰਖੈ ॥੧੬॥