ਅਸ੍ਵ ਬਰਨਨੰ

ਕਬਿਤੁ

ਨਾਗਰਾ ਕੇ ਨੈਨ ਹੈਂ ਕਿ ਚਾਤਰਾ ਕੇ ਬੈਨ ਹੈਂ ਬਘੂਲਾ ਮਾਨੋ ਗੈਨ ਕੈਸੇ ਤੈਸੇ ਥਹਰਤ ਹੈਂ

ਨ੍ਰਿਤਕਾ ਕੇ ਪਾਉ ਹੈਂ ਕਿ ਜੂਪ ਕੈਸੇ ਦਾਉ ਹੈਂ ਕਿ ਛਲ ਕੋ ਦਿਖਾਉ ਕੋਊ ਤੈਸੇ ਬਿਹਰਤ ਹੈਂ

ਹਾਕੇ ਬਾਜ ਬੀਰ ਹੈਂ ਤੁਫੰਗ ਕੈਸੇ ਤੀਰ ਹੈਂ ਕਿ ਅੰਜਨੀ ਕੇ ਧੀਰ ਹੈਂ ਕਿ ਧੁਜਾ ਸੇ ਫਹਰਤ ਹੈਂ

ਲਹਰੈਂ ਅਨੰਗ ਕੀ ਤਰੰਗ ਜੈਸੇ ਗੰਗ ਕੀ ਅਨੰਗ ਕੈਸੇ ਅੰਗ ਜਯੋਂ ਕਹੂੰ ਠਹਰਤ ਹੈਂ ॥੧੭੧॥

ਨਿਸਾ ਨਿਸਨਾਥਿ ਜਾਨੈ ਦਿਨ ਦਿਨਪਤਿ ਮਾਨੈ ਭਿਛਕਨ ਦਾਤਾ ਕੈ ਪ੍ਰਮਾਨੇ ਮਹਾ ਦਾਨ ਹੈਂ

ਅਉਖਧੀ ਕੇ ਰੋਗਨ ਅਨੰਤ ਰੂਪ ਜੋਗਨ ਸਮੀਪ ਕੈ ਬਿਯੋਗਨ ਮਹੇਸ ਮਹਾ ਮਾਨ ਹੈਂ

ਸਤ੍ਰੈ ਖਗ ਖਯਾਤਾ ਸਿਸ ਰੂਪਨ ਕੇ ਮਾਤਾ ਮਹਾ ਗਯਾਨੀ ਗਯਾਨ ਗਯਾਤਾ ਕੈ ਬਿਧਾਤਾ ਕੈ ਸਮਾਨ ਹੈਂ

ਗਨਨ ਗਨੇਸ ਮਾਨੈ ਸੁਰਨ ਸੁਰੇਸ ਜਾਨੈ ਜੈਸੇ ਪੇਖੈ ਤੈਸੇ ਲਖੇ ਬਿਰਾਜਮਾਨ ਹੈਂ ॥੧੭੨॥

ਸੁਧਾ ਸੌ ਸੁਧਾਰੇ ਰੂਪ ਸੋਭਤ ਉਜਿਯਾਰੇ ਕਿਧੌ ਸਾਚੇ ਬੀਚ ਢਾਰੇ ਮਹਾ ਸੋਭਾ ਕੈ ਸੁਧਾਰ ਕੈ

ਕਿਧੌ ਮਹਾ ਮੋਹਨੀ ਕੇ ਮੋਹਬੇ ਨਮਿਤ ਬੀਰ ਬਿਧਨਾ ਬਨਾਏ ਮਹਾ ਬਿਧ ਸੋ ਬਿਚਾਰ ਕੈ

ਕਿਧੌ ਦੇਵ ਦੈਤਨ ਬਿਬਾਦ ਛਾਡ ਬਡੇ ਚਿਰ ਮਥ ਕੈ ਸਮੁੰਦ੍ਰ ਛੀਰ ਲੀਨੇ ਹੈ ਨਿਕਾਰ ਕੈ

ਕਿਧੌ ਬਿਸ੍ਵਨਾਥ ਜੂ ਬਨਾਏ ਨਿਜ ਪੇਖਬੇ ਕਉ ਅਉਰ ਸਕਤ ਐਸੀ ਸੂਰਤੈ ਸੁਧਾਰ ਕੈ ॥੧੭੩॥

ਸੀਮ ਤਜਿ ਆਪਨੀ ਬਿਰਾਨੇ ਦੇਸ ਲਾਘ ਲਾਘ ਰਾਜਾ ਮਿਥਲੇਸ ਕੇ ਪਹੂਚੇ ਦੇਸ ਆਨ ਕੈ

ਤੁਰਹੀ ਅਨੰਤ ਬਾਜੈ ਦੁੰਦਭੀ ਅਪਾਰ ਗਾਜੈ ਭਾਤਿ ਭਾਤਿ ਬਾਜਨ ਬਜਾਏ ਜੋਰ ਜਾਨ ਕੈ

ਆਗੈ ਆਨਿ ਤੀਨੈ ਨ੍ਰਿਪ ਕੰਠ ਲਾਇ ਲੀਨੇ ਰੀਤ ਰੂੜ ਸਭੈ ਕੀਨੇ ਬੈਠੇ ਬੇਦ ਕੈ ਬਿਧਾਨ ਕੈ

ਬਰਿਖਯੋ ਧਨ ਕੀ ਧਾਰ ਪਾਇਯਤ ਪਾਰਾਵਾਰ ਭਿਛਕ ਭਏ ਨ੍ਰਿਪਾਰ ਐਸੇ ਪਾਇ ਦਾਨ ਕੈ ॥੧੭੪॥

ਬਾਨੇ ਫਹਰਾਨੇ ਘਹਰਾਨੇ ਦੁੰਦਭ ਅਰਰਾਨੇ ਜਨਕ ਪੁਰੀ ਕੌ ਨੀਅਰਾਨੇ ਬੀਰ ਜਾਇ ਕੈ

ਕਹੂੰ ਚਉਰ ਢਾਰੈ ਕਹੂੰ ਚਾਰਣ ਉਚਾਰੈ ਕਹੂੰ ਭਾਟ ਜੁ ਪੁਕਾਰੈ ਛੰਦ ਸੁੰਦਰ ਬਨਾਇ ਕੈ

ਕਹੂੰ ਬੀਨ ਬਾਜੈ ਕੋਊ ਬਾਸੁਰੀ ਮ੍ਰਿਦੰਗ ਸਾਜੈ ਦੇਖੇ ਕਾਮ ਲਾਜੈ ਰਹੇ ਭਿਛਕ ਅਘਾਇ ਕੈ

ਰੰਕ ਤੇ ਸੁ ਰਾਜਾ ਭਏ ਆਸਿਖ ਅਸੇਖ ਦਏ ਮਾਗਤ ਭਏ ਫੇਰ ਐਸੋ ਦਾਨ ਪਾਇ ਕੈ ॥੧੭੫॥

ਆਨ ਕੈ ਜਨਕ ਲੀਨੋ ਕੰਠ ਸੋ ਲਗਾਇ ਤਿਹੂੰ ਆਦਰ ਦੁਰੰਤ ਕੈ ਅਨੰਤ ਭਾਤਿ ਲਏ ਹੈਂ

ਬੇਦ ਕੇ ਬਿਧਾਨ ਕੈ ਕੈ ਬਯਾਸ ਤੇ ਬਧਾਈ ਬੇਦ ਏਕ ਏਕ ਬਿਪ੍ਰ ਕਉ ਬਿਸੇਖ ਸ੍ਵਰਨ ਦਏ ਹੈਂ

ਰਾਜਕੁਆਰ ਸਭੈ ਪਹਿਰਾਇ ਸਿਰਪਾਇਨ ਤੇ ਮੋਤੀਮਾਨ ਕਰਕੇ ਬਰਖ ਮੇਘ ਗਏ ਹੈਂ

ਦੰਤੀ ਸ੍ਵੇਤ ਦੀਨੇ ਕੇਤੇ ਸਿੰਧਲੀ ਤੁਰੇ ਨਵੀਨੇ ਰਾਜਾ ਕੇ ਕੁਮਾਰ ਤੀਨੋ ਬਯਾਹ ਕੈ ਪਠਏ ਹੈਂ ॥੧੭੬॥

ਦੋਧਕ ਛੰਦ

ਬਿਯਾਹ ਸੁਤਾ ਨ੍ਰਿਪ ਕੀ ਨ੍ਰਿਪਬਾਲੰ

ਮਾਗ ਬਿਦਾ ਮੁਖਿ ਲੀਨ ਉਤਾਲੰ

ਸਾਜਨ ਬਾਜ ਚਲੇ ਗਜ ਸੰਜੁਤ

ਏਸਨਏਸ ਨਰੇਸਨ ਕੇ ਜੁਤ ॥੧੭੭॥

ਦਾਜ ਸੁਮਾਰ ਸਕੈ ਕਰ ਕਉਨੈ

ਬੀਨ ਸਕੈ ਬਿਧਨਾ ਨਹੀ ਤਉਨੈ

ਬੇਸਨ ਬੇਸਨ ਬਾਜ ਮਹਾ ਮਤ

ਭੇਸਨ ਭੇਸ ਚਲੇ ਗਜ ਗਜਤ ॥੧੭੮॥

ਬਾਜਤ ਨਾਦ ਨਫੀਰਨ ਕੇ ਗਨ

ਗਾਜਤ ਸੂਰ ਪ੍ਰਮਾਥ ਮਹਾ ਮਨ

ਅਉਧ ਪੁਰੀ ਨੀਅਰਾਨ ਰਹੀ ਜਬ

ਪ੍ਰਾਪਤ ਭਏ ਰਘੁਨੰਦ ਤਹੀ ਤਬ ॥੧੭੯॥

ਮਾਤਨ ਵਾਰਿ ਪੀਯੋ ਜਲ ਪਾਨੰ

ਦੇਖ ਨਰੇਸ ਰਹੇ ਛਬਿ ਮਾਨੰ

ਭੂਪ ਬਿਲੋਕਤ ਲਾਇ ਲਏ ਉਰ

ਨਾਚਤ ਗਾਵਤ ਗੀਤ ਭਏ ਪੁਰਿ ॥੧੮੦॥

ਭੂਪਜ ਬਯਾਹ ਜਬੈ ਗ੍ਰਹ ਆਏ

ਬਾਜਤ ਭਾਤਿ ਅਨੇਕ ਬਧਾਏ

ਤਾਤ ਬਸਿਸਟ ਸੁਮਿਤ੍ਰ ਬੁਲਾਏ

ਅਉਰ ਅਨੇਕ ਤਹਾ ਰਿਖਿ ਆਏ ॥੧੮੧॥

ਘੋਰ ਉਠੀ ਘਹਰਾਇ ਘਟਾ ਤਬ

ਚਾਰੋ ਦਿਸ ਦਿਗ ਦਾਹ ਲਖਿਯੋ ਸਭ

ਮੰਤ੍ਰੀ ਮਿਤ੍ਰ ਸਭੈ ਅਕੁਲਾਨੇ

ਭੂਪਤਿ ਸੋ ਇਹ ਭਾਤ ਬਖਾਨੇ ॥੧੮੨॥

ਹੋਤ ਉਤਪਾਤ ਬਡੇ ਸੁਣ ਰਾਜਨ

ਮੰਤ੍ਰ ਕਰੋ ਰਿਖ ਜੋਰ ਸਮਾਜਨ

ਬੋਲਹੁ ਬਿਪ ਬਿਲੰਬ ਕੀਜੈ

ਹੈ ਕ੍ਰਿਤ ਜਗ ਅਰੰਭਨ ਕੀਜੈ ॥੧੮੩॥

ਆਇਸ ਰਾਜ ਦਯੋ ਤਤਕਾਲਹ

ਮੰਤ੍ਰ ਸੁ ਮਿਤ੍ਰਹ ਬੁਧ ਬਿਸਾਲਹ

ਹੈ ਕ੍ਰਿਤ ਜਗ ਅਰੰਭਨ ਕੀਜੈ

ਆਇਸ ਬੇਗ ਨਰੇਸ ਕਰੀਜੈ ॥੧੮੪॥

ਬੋਲਿ ਬਡੇ ਰਿਖ ਲੀਨ ਮਹਾ ਦਿਜ

ਹੈ ਤਿਨ ਬੋਲ ਲਯੋ ਜੁਤ ਰਿਤਜ

ਪਾਵਕ ਕੁੰਡ ਖੁਦਿਯੋ ਤਿਹ ਅਉਸਰ

ਗਾਡਿਯ ਖੰਭ ਤਹਾ ਧਰਮੰ ਧਰ ॥੧੮੫॥

ਛੋਰਿ ਲਯੋ ਹਯਸਾਰਹ ਤੇ ਹਯ

ਅਸਿਤ ਕਰਨ ਪ੍ਰਭਾਸਤ ਕੇਕਯ

ਦੇਸਨ ਦੇਸ ਨਰੇਸ ਦਏ ਸੰਗਿ

ਸੁੰਦਰ ਸੂਰ ਸੁਰੰਗ ਸੁਭੈ ਅੰਗ ॥੧੮੬॥