ਭਰਥ ਬਾਚ ਕੇਕਈ ਸੋਂ

ਲਖਯੋ ਕਸੂਤ

ਬੁਲਯੋ ਸਪੂਤ

ਧ੍ਰਿਗ ਮਈਯਾ ਤੋਹਿ

ਲਜਿ ਲਾਈਯਾ ਮੋਹਿ ॥੨੭੫॥

ਕਾ ਕਰਯੋ ਕੁਕਾਜ

ਕਯੋ ਜੀਐ ਨਿਲਾਜ

ਮੋਹਿ ਜੈਬੇ ਤਹੀ

ਰਾਮ ਹੈ ਗੇ ਜਹੀ ॥੨੭੬॥

ਕੁਸਮ ਬਚਿਤ੍ਰ ਛੰਦ

ਤਿਨ ਬਨਬਾਸੀ ਰਘੁਬਰ ਜਾਨੈ

ਦੁਖ ਸੁਖ ਸਮ ਕਰ ਸੁਖ ਦੁਖ ਮਾਨੈ

ਬਲਕਲ ਧਰ ਕਰ ਅਬ ਬਨ ਜੈਹੈਂ

ਰਘੁਪਤ ਸੰਗ ਹਮ ਬਨ ਫਲ ਖੈਹੈਂ ॥੨੭੭॥

ਇਮ ਕਹਾ ਬਚਨਾ ਘਰ ਬਰ ਛੋਰੇ

ਬਲਕਲ ਧਰਿ ਤਨ ਭੂਖਨ ਤੋਰੇ

ਅਵਧਿਸ ਜਾਰੇ ਅਵਧਹਿ ਛਾਡਯੋ

ਰਘੁਪਤਿ ਪਗ ਤਰ ਕਰ ਘਰ ਮਾਡਿਯੋ ॥੨੭੮॥

ਲਖਿ ਜਲ ਥਲ ਕਹ ਤਜਿ ਕੁਲ ਧਾਏ

ਮਨੁ ਮਨ ਸੰਗਿ ਲੈ ਤਿਹ ਠਾ ਆਏ

ਲਖਿ ਬਲ ਰਾਮੰ ਖਲ ਦਲ ਭੀਰੰ

ਗਹਿ ਧਨ ਪਾਣੰ ਸਿਤ ਧਰ ਤੀਰੰ ॥੨੭੯॥

ਗਹਿ ਧਨੁ ਰਾਮੰ ਸਰ ਬਰ ਪੂਰੰ

ਅਰਬਰ ਥਹਰੇ ਖਲ ਦਲ ਸੂਰੰ

ਨਰ ਬਰ ਹਰਖੇ ਘਰ ਘਰ ਅਮਰੰ

ਅਮਰਰਿ ਧਰਕੇ ਲਹਿ ਕਰਿ ਸਮਰੰ ॥੨੮੦॥

ਤਬ ਚਿਤ ਅਪਨੇ ਭਰਥਰ ਜਾਨੀ

ਰਨ ਰੰਗ ਰਾਤੇ ਰਘੁਬਰ ਮਾਨੀ

ਦਲ ਬਲ ਤਜਿ ਕਰਿ ਇਕਲੇ ਨਿਸਰੇ

ਰਘੁਬਰ ਨਿਰਖੇ ਸਭ ਦੁਖ ਬਿਸਰੇ ॥੨੮੧॥

ਦ੍ਰਿਗ ਜਬ ਨਿਰਖੇ ਭਟ ਮਣ ਰਾਮੰ

ਸਿਰ ਧਰ ਟੇਕਯੰ ਤਜ ਕਰ ਕਾਮੰ

ਇਮ ਗਤਿ ਲਖਿ ਕਰ ਰਘੁਪਤਿ ਜਾਨੀ

ਭਰਥਰ ਆਏ ਤਜਿ ਰਜਧਾਨੀ ॥੨੮੨॥

ਰਿਪਹਾ ਨਿਰਖੇ ਭਰਥਰ ਜਾਨੇ

ਅਵਧਿਸ ਮੂਏ ਤਿਨ ਮਾਨ ਮਾਨੇ

ਰਘੁਬਰ ਲਛਮਨ ਪਰਹਰ ਬਾਨੰ

ਗਿਰ ਤਰ ਆਏ ਤਜ ਅਭਿਮਾਨੰ ॥੨੮੩॥

ਦਲ ਬਲ ਤਜਿ ਕਰਿ ਮਿਲਿ ਗਲ ਰੋਏ

ਦੁਖ ਕਸਿ ਬਿਧਿ ਦੀਆ ਸੁਖ ਸਭ ਖੋਏ

ਅਬ ਘਰ ਚਲੀਏ ਰਘੁਬਰ ਮੇਰੇ

ਤਜਿ ਹਠਿ ਲਾਗੇ ਸਭ ਪਗ ਤੇਰੇ ॥੨੮੪॥

ਰਾਮ ਬਾਚ ਭਰਥ ਸੋਂ

ਕੰਠ ਅਭੂਖਨ ਛੰਦ

ਭਰਥ ਕੁਮਾਰ ਅਉਹਠ ਕੀਜੈ

ਜਾਹ ਘਰੈ ਹਮੈ ਦੁਖ ਦੀਜੈ

ਰਾਜ ਕਹਯੋ ਜੁ ਹਮੈ ਹਮ ਮਾਨੀ

ਤ੍ਰਿਯੋਦਸ ਬਰਖ ਬਸੈ ਬਨ ਧਾਨੀ ॥੨੮੫॥

ਤ੍ਰਿਯੋਦਸ ਬਰਖ ਬਿਤੈ ਫਿਰਿ ਐਹੈਂ

ਰਾਜ ਸੰਘਾਸਨ ਛਤ੍ਰ ਸੁਹੈਹੈਂ

ਜਾਹੁ ਘਰੈ ਸਿਖ ਮਾਨ ਹਮਾਰੀ

ਰੋਵਤ ਤੋਰਿ ਉਤੈ ਮਹਤਾਰੀ ॥੨੮੬॥