ਸਿਵ ਜੂ ਬਾਚ ਕਾਨ੍ਰਹ ਜੂ ਸੋ ॥

ਸਵੈਯਾ ॥

ਪਾਇ ਪਰਿਯੋ ਸਿਵ ਜੂ ਹਰਿ ਕੇ ਕਹਿਯੋ ਮੋ ਬਿਨਤੀ ਹਰਿ ਜੂ ਸੁਨਿ ਲੀਜੈ ॥

ਸੇਵਕ ਮਾਗਤ ਹੈ ਬਰੁ ਏਕ ਵਹੈ ਅਬ ਰੀਝਿ ਦਇਆ ਨਿਧਿ ਦੀਜੈ ॥

ਹੇਰਿ ਹਮੈ ਕਬਿ ਸ︀ਯਾਮ ਭਨੈ ਕਬਹੂੰ ਕਰੁਨਾ ਰਸ ਕੇ ਸੰਗਿ ਭੀਜੈ ॥

ਬਾਹੈ ਕਟੀ ਸਹਸ੍ਰਾਭੁਜ ਕੀ ਤੁ ਭਲੋ ਤਿਹ ਕੋ ਅਬ ਨਾਸੁ ਨ ਕੀਜੈ ॥੨੨੩੯॥

ਕਾਨ੍ਰਹ ਜੂ ਬਾਚ ਸਿਵ ਜੂ ਪ੍ਰਤਿ ॥

ਸਵੈਯਾ ॥

ਸੋ ਕਰਿਹੋ ਅਬ ਹਉ ਸੁਨਿ ਰੁਦ੍ਰ ਜੂ ਤੋ ਸੰਗਿ ਬੈਨ ਉਚਾਰਤ ਹਉ ॥

ਬਾਹੈ ਕਟੀ ਤਿਹ ਭੂਲਿ ਨਿਹਾਰਿ ਅਬ ਹਉ ਹੂ ਸੁ ਕ੍ਰੋਧ ਨਿਵਾਰਤ ਹਉ ॥

ਪ੍ਰਹਲਾਦ ਕੋ ਪੌਤ੍ਰ ਕਹਾਵਤ ਹੈ ਸੁ ਇਹੈ ਜੀਅ ਮਾਹਿ ਬਿਚਾਰਤ ਹਉ ॥

ਤਾ ਤੇ ਡੰਡ ਹੀ ਦੈ ਕਰਿ ਛੋਰਿ ਦਯੋ ਇਹ ਤੇ ਨਾਹਿ ਤਾਹਿ ਸੰਘਾਰਤ ਹਉ ॥੨੨੪੦॥

ਯੌ ਬਖਸਾਇ ਕੈ ਸ︀ਯਾਮ ਜੂ ਸੋ ਤਿਹ ਭੂਪ ਕੋ ਸ︀ਯਾਮ ਕੇ ਪਾਇਨ ਡਾਰੋ ॥

ਭੂਲ ਕੈ ਭੂਪਤਿ ਕਾਮ ਕਰਿਯੋ ਅਬ ਹੇ ਪ੍ਰਭ ਜੂ ਤੁਮ ਕ੍ਰੋਧ ਨਿਵਾਰੋ ॥

ਪੌਤ੍ਰ ਕੋ ਬ︀ਯਾਹ ਕਰੋ ਇਹ ਕੀ ਦੁਹਿਤਾ ਸੰਗਿ ਅਉਰ ਕਛੂ ਮਨ ਮੈ ਨ ਬਿਚਾਰੋ ॥

ਯੌ ਕਰਿ ਬ︀ਯਾਹ ਸੰਗ ਊਖਹ ਲੈ ਅਨਰੁਧ ਕੋ ਸ︀ਯਾਮ ਜੂ ਧਾਮਿ ਸਿਧਾਰੋ ॥੨੨੪੧॥

ਜੋ ਸੁਨਿ ਹੈ ਗੁਨ ਸ︀ਯਾਮ ਜੂ ਕੇ ਫੁਨਿ ਅਉਰਨ ਤੇ ਅਰੁ ਆਪਨ ਗੈ ਹੈ ॥

ਆਪਨ ਜੋ ਪੜ ਹੈ ਪੜਵਾਇ ਹੈ ਅਉਰ ਕਬਿਤਨ ਬੀਚ ਬਨੈ ਹੈ ॥

ਸੋਵਤ ਜਾਗਤ ਧਾਵਤ ਧਾਮ ਸੁ ਸ੍ਰੀ ਬ੍ਰਿਜ ਨਾਇਕ ਕੀ ਸੁਧਿ ਲੈ ਹੈ ॥

ਸੋਊ ਸਦਾ ਕਬਿ ਸ︀ਯਾਮ ਭਨੈ ਫੁਨਿ ਯਾ ਭਵ ਭੀਤਰ ਫੇਰਿ ਨ ਐ ਹੈ ॥੨੨੪੨॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਾਣਾਸੁਰ ਕੋ ਜੀਤਿ ਅਨਰੁਧ ਊਖਾ ਕੋ ਬ︀ਯਾਹ ਲਿਆਵਤ ਭਏ ॥

ਅਥ ਡਿਗ ਰਾਜਾ ਕੋ ਉਧਾਰ ਕਥਨੰ ॥

ਚੌਪਈ ॥

ਏਕ ਭੂਪ ਛਤ੍ਰੀ ਡਿਗ ਨਾਮਾ ॥

ਧਰਿਯੋ ਤਾਹਿ ਕਿਰਲਾ ਕੋ ਜਾਮਾ ॥

ਸਭ ਜਾਦਵ ਮਿਲਿ ਖੇਲਨ ਆਏ ॥

ਪ︀ਯਾਸੇ ਭਏ ਕੂਪ ਪਿਖਿ ਧਾਏ ॥੨੨੪੩॥

ਇਕ ਕਿਰਲਾ ਤਿਹ ਮਾਹਿ ਨਿਹਾਰਿਯੋ ॥

ਕਾਢੈ ਯਾ ਕੋ ਇਹੈ ਬਿਚਾਰਿਯੋ ॥

ਕਾਢਨ ਲਗੇ ਨ ਕਾਢਿਯੋ ਗਯੋ ॥

ਅਤਿ ਅਸਚਰਜ ਸਭਹਿਨ ਮਨਿ ਭਯੋ ॥੨੨੪੪॥

ਜਾਦਵ ਬਾਚ ਕਾਨ੍ਰਹ ਜੂ ਸੋ ॥

ਦੋਹਰਾ ॥

ਸਭ ਸੁਚਿੰਤ ਜਾਦਵ ਭਏ ਗਏ ਕ੍ਰਿਸਨ ਪੈ ਧਾਇ ॥

ਕਹਿ ਕਿਰਲਾ ਇਕ ਕੂਪ ਮੈ ਤਾ ਕੋ ਕਰਹੁ ਉਪਾਇ ॥੨੨੪੫॥

ਕਬਿਤੁ ॥

ਸੁਨਤ ਹੀ ਬਾਤੈ ਸਭ ਜਾਦਵ ਕੀ ਜਦੁਰਾਇ ਜਾਨਿਓ ਸਭ ਭੇਦ ਕਹੀ ਬਾਤ ਮੁਸਕਾਇ ਕੈ ॥

ਕਹਾ ਵਹ ਕੂਪ ਕਹਾ ਪਰਿਓ ਹੈ ਕਿਰਲਾ ਤਾ ਮੈ ਬੋਲਤ ਭਯੋ ਯੌ ਮੁਹ ਦੀਜੀਐ ਦਿਖਾਇ ਕੈ ॥

ਆਗੇ ਆਗੇ ਸੋਊ ਘਨ ਸ︀ਯਾਮ ਤਿਨ ਪਾਛੇ ਪਾਛੈ ਚਲਤ ਚਲਤ ਜੋ ਨਿਹਾਰਿਯੋ ਸੋਊ ਜਾਇ ਕੈ ॥

ਮਿਟਿ ਗਏ ਪਾਪ ਤਾ ਕੇ ਏਕੋ ਨ ਰਹਨ ਪਾਏ ਭਯੋ ਨਰ ਜਬੈ ਹਰਿ ਲੀਨੋ ਹੈ ਉਠਾਇ ਕੈ ॥੨੨੪੬॥

ਸਵੈਯਾ ॥

ਤਾਹੀ ਕੀ ਮੋਛ ਭਈ ਛਿਨ ਮੈ ਜਿਨ ਏਕ ਘਰੀ ਘਨ ਸ︀ਯਾਮ ਜੂ ਧ੍ਰਯਾਯੋ ॥

ਅਉਰ ਤਰੀ ਗਨਿਕਾ ਤਬ ਹੀ ਜਿਹ ਹਾਥ ਲਯੋ ਸੁਕ ਸ︀ਯਾਮ ਪੜਾਯੋ ॥

ਕੋ ਨ ਤਰਿਯੋ ਜਗ ਮੈ ਨਰ ਜਾਹਿ ਨਰਾਇਨ ਕੋ ਚਿਤਿ ਨਾਮੁ ਬਸਾਯੋ ॥

ਏਤੇ ਪੈ ਕਿਉ ਨ ਤਰੈ ਕਿਰਲਾ ਜਿਹ ਕੋ ਹਰਿ ਆਪਨ ਹਾਥ ਲਗਾਯੋ ॥੨੨੪੭॥

ਤੋਟਕ ॥

ਜਬ ਹੀ ਸੋਊ ਸ︀ਯਾਮ ਉਠਾਇ ਲਯੋ ॥

ਤਬ ਮਾਨੁਖ ਕੋ ਸੋਊ ਬੇਖ ਭਯੋ ॥

ਤਬ ਯੌ ਬ੍ਰਿਜਨਾਥ ਸੁ ਬੈਨ ਉਚਾਰੇ ॥

ਤੇਰੋ ਦੇਸੁ ਕਹਾ ਤੇਰੋ ਨਾਮ ਕਹਾ ਰੇ ॥੨੨੪੮॥