ਭਵਾਨੀ ਛੰਦ ॥

ਜਹਾ ਬੀਰ ਜੁਟੈ ॥

ਸਬੈ ਠਾਟ ਠਟੈ ॥

ਕਿ ਨੇਜੇ ਪਲਟੈ ॥

ਚਮਤਕਾਰ ਛੁਟੈ ॥੨੭੩॥

ਜਹਾ ਸਾਰ ਬਜੈ ॥

ਤਹਾ ਬੀਰ ਗਜੈ ॥

ਮਿਲੈ ਸੰਜ ਸਜੈ ॥

ਨ ਦ੍ਵੈ ਪੈਗ ਭਜੈ ॥੨੭੪॥

ਕਹੂੰ ਭੂਰ ਭਾਜੈ ॥

ਕਹੂੰ ਵੀਰ ਗਾਜੈ ॥

ਕਹੂੰ ਜੋਧ ਜੁਟੈ ॥

ਕਹੂੰ ਟੋਪ ਟੁਟੈ ॥੨੭੫॥

ਜਹਾ ਜੋਧ ਜੁਟੈ ॥

ਤਹਾ ਅਸਤ੍ਰ ਛੁਟੈ ॥

ਨ੍ਰਿਭੈ ਸਸਤ੍ਰ ਕਟੈ ॥

ਕਹੂੰ ਬੀਰ ਲੁਟੈ ॥੨੭੬॥

ਕਹੂੰ ਮਾਰ ਬਕੈ ॥

ਕਿਤੇ ਬਾਜ ਉਥਕੈ ॥

ਕਿਤੇ ਸੈਣ ਹਕੈ ॥

ਕਿਤੇ ਦਾਵ ਤਕੈ ॥੨੭੭॥

ਕਿਤੇ ਘਾਇ ਮੇਲੈ ॥

ਕਿਤੇ ਸੈਣ ਪੇਲੈ ॥

ਕਿਤੇ ਭੂਮਿ ਡਿਗੇ ॥

ਤਨੰ ਸ੍ਰੋਣ ਭਿਗੇ ॥੨੭੮॥

ਦੋਹਰਾ ॥

ਇਹ ਬਿਧਿ ਮਚਾ ਪ੍ਰਚੰਡ ਰਣ ਅਰਧ ਮਹੂਰਤ ਉਦੰਡ ॥

ਬੀਸ ਅਯੁਤ ਦਸ ਸਤ ਸੁਭਟ ਜੁਝਤ ਭਏ ਅਡੰਡ ॥੨੭੯॥