ਅਥ ਜੁਜਾਤਿ ਰਾਜਾ ਕੋ ਰਾਜ ਕਥਨੰ
ਮਧੁਭਾਰ ਛੰਦ ॥
ਪੁਨਿ ਭਯੋ ਜੁਜਾਤਿ ॥
ਸੋਭਾ ਅਭਾਤਿ ॥
ਦਸ ਚਾਰਵੰਤ ॥
ਸੋਭਾ ਸੁਭੰਤ ॥੯੦॥
ਸੁੰਦਰ ਸੁ ਨੈਨ ॥
ਜਨ ਰੂਪ ਮੈਨ ॥
ਸੋਭਾ ਅਪਾਰ ॥
ਸੋਭਤ ਸੁਧਾਰ ॥੯੧॥
ਸੁੰਦਰ ਸਰੂਪ ॥
ਸੋਭੰਤ ਭੂਪ ॥
ਦਸ ਚਾਰਵੰਤ ॥
ਆਭਾ ਅਭੰਤ ॥੯੨॥
ਗੁਨ ਗਨ ਅਪਾਰ ॥
ਸੁੰਦਰ ਉਦਾਰ ॥
ਦਸ ਚਾਰਿਵੰਤ ॥
ਸੋਭਾ ਸੁਭੰਤ ॥੯੩॥
ਧਨ ਗੁਨ ਪ੍ਰਬੀਨ ॥
ਪ੍ਰਭ ਕੋ ਅਧੀਨ ॥
ਸੋਭਾ ਅਪਾਰ ॥
ਸੁੰਦਰ ਕੁਮਾਰ ॥੯੪॥
ਸਾਸਤ੍ਰਗ ਸੁਧ ॥
ਕ੍ਰੋਧੀ ਸੁ ਜੁਧ ॥
ਨ੍ਰਿਪ ਭਯੋ ਬੇਨ ॥
ਜਨ ਕਾਮ ਧੇਨ ॥੯੫॥
ਖੂਨੀ ਸੁ ਖਗ ॥
ਜੋਧਾ ਅਭਗ ॥
ਖਤ੍ਰੀ ਅਖੰਡ ॥
ਕ੍ਰੋਧੀ ਪ੍ਰਚੰਡ ॥੯੬॥
ਸਤ੍ਰੂਨਿ ਕਾਲ ॥
ਕਾਢੀ ਕ੍ਰਵਾਲ ॥
ਸਮ ਤੇਜ ਭਾਨੁ ॥
ਜ੍ਵਾਲਾ ਸਮਾਨ ॥੯੭॥
ਜਬ ਜੁਰਤ ਜੰਗ ॥
ਨਹਿ ਮੁਰਤ ਅੰਗ ॥
ਅਰਿ ਭਜਤ ਨੇਕ ॥
ਨਹਿ ਟਿਕਤ ਏਕ ॥੯੮॥
ਥਰਹਰਤ ਭਾਨੁ ॥
ਕੰਪਤ ਦਿਸਾਨ ॥
ਮੰਡਤ ਮਵਾਸ ॥
ਭਜਤ ਉਦਾਸ ॥੯੯॥
ਥਰਹਰਤ ਬੀਰ ॥
ਭੰਭਰਤ ਭੀਰ ॥
ਤਤਜਤ ਦੇਸ ॥
ਨ੍ਰਿਪਮਨਿ ਨਰੇਸ ॥੧੦੦॥
ਚਚਕਤ ਚੰਦ ॥
ਧਧਕਤ ਇੰਦ ॥
ਫਨਿਮਨ ਫਟੰਤ ॥
ਭੂਅਧਰ ਭਜੰਤ ॥੧੦੧॥
ਸੰਜੁਤਾ ਛੰਦ ॥
ਜਸ ਠੌਰ ਠੌਰ ਸਬੋ ਸੁਨ︀ਯੋ ॥
ਅਰਿ ਬ੍ਰਿੰਦ ਸੀਸ ਸਬੋ ਧੁਨ੍ਰਯੋ ॥
ਜਗ ਜਗ ਸਾਜ ਭਲੇ ਕਰੇ ॥
ਦੁਖ ਪੁੰਜ ਦੀਨਨ ਕੇ ਹਰੇ ॥੧੦੨॥
ਇਤਿ ਜੁਜਾਤਿ ਰਾਜਾ ਮ੍ਰਿਤ ਬਸਿ ਹੋਤ ਭਏ ॥੫॥੫॥
ਅਥ ਬੇਨ ਰਾਜੇ ਕੋ ਰਾਜ ਕਥਨੰ ॥
ਸੰਜੁਤਾ ਛੰਦ ॥
ਪੁਨਿ ਬੇਣੁ ਰਾਜ ਮਹੇਸ ਭਯੋ ॥
ਨਿਜਿ ਡੰਡ ਕਾਹੂੰ ਤੇ ਨ ਲਯੋ ॥
ਜੀਅ ਭਾਤਿ ਭਾਤਿ ਸੁਖੀ ਨਰਾ ॥
ਅਤਿ ਗਰਬ ਸ੍ਰਬ ਛੁਟਿਓ ਧਰਾ ॥੧੦੩॥
ਜੀਅ ਜੰਤ ਸਬ ਦਿਖਿਯਤ ਸੁਖੀ ॥
ਤਰਿ ਦ੍ਰਿਸਟਿ ਆਵਤ ਨ ਦੁਖੀ ॥
ਸਬ ਠੌਰ ਠੌਰ ਪ੍ਰਿਥੀ ਬਸੀ ॥
ਜਨੁ ਭੂਮਿ ਰਾਜ ਸਿਰੀ ਲਸੀ ॥੧੦੪॥
ਇਹ ਭਾਤਿ ਰਾਜ ਕਮਾਇ ਕੈ ॥
ਸੁਖ ਦੇਸ ਸਰਬ ਬਸਾਇ ਕੈ ॥
ਬਹੁ ਦੋਖ ਦੀਨਨ ਕੇ ਦਹੇ ॥
ਸੁਨਿ ਥਕਤ ਦੇਵ ਸਮਸਤ ਭਏ ॥੧੦੫॥
ਬਹੁ ਰਾਜ ਸਾਜ ਕਮਾਇ ਕੈ ॥
ਸਿਰਿ ਅਤ੍ਰਪਤ੍ਰ ਫਿਰਾਇ ਕੈ ॥
ਪੁਨਿ ਜੋਤਿ ਜੋਤਿ ਬਿਖੈ ਮਿਲੀ ॥
ਅਰਿ ਛੈਨੁ ਬੇਨੁ ਮਹਾਬਲੀ ॥੧੦੬॥
ਅਬਿਕਾਰ ਭੂਪ ਜਿਤੇ ਭਏ ॥
ਕਰਿ ਰਾਜ ਅੰਤ ਸਮੈ ਗਏ ॥
ਕਬਿ ਕੌਨ ਨਾਮ ਤਿਨੈ ਗਨੈ ॥
ਸੰਕੇਤ ਕਰਿ ਇਤੇ ਭਨੈ ॥੧੦੭॥
ਇਤਿ ਬੇਨੁ ਰਾਜਾ ਮ੍ਰਿਤ ਬਸ ਹੋਤ ਭਏ ॥੬॥੫॥