ਚੌਪਈ ॥

ਕਥਾ ਏਕ ਸ੍ਰਵਨਨ ਹਮ ਸੁਨੀ ॥

ਹਰਿਯਾਬਾਦ ਏਕ ਤ੍ਰਿਯ ਗੁਨੀ ॥

ਬਾਦਲ ਕੁਅਰਿ ਨਾਮ ਤ੍ਰਿਯ ਤਿਹ ਕੌ ॥

ਜਾਨਤ ਹੈ ਸਿਗਰੌ ਜਗ ਜਿਹ ਕੌ ॥੧॥

ਏਕ ਮੁਗਲ ਤਿਨ ਧਾਮ ਬੁਲਾਯੋ ॥

ਆਛੋ ਭੋਜਨ ਤਾਹਿ ਖਵਾਯੋ ॥

ਤਾਹਿ ਭਜਨ ਕਹ ਹਾਥ ਪਸਾਰਾ ॥

ਤਬ ਤ੍ਰਿਯ ਤਾਹਿ ਜੂਤਿਯਨ ਮਾਰਾ ॥੨॥

ਮਾਰਿ ਮੁਗਲ ਕੂਕਤ ਇਮਿ ਧਾਈ ॥

ਯਹ ਸੁਨਿ ਬੈਨ ਪ੍ਰਜਾ ਮਿਲਿ ਆਈ ॥

ਕਰਿ ਸਮੋਧ ਤਿਨ ਧਾਮ ਪਠਯੋ ॥

ਯਾ ਕੇ ਕੰਠ ਟੂਕ ਫਸਿ ਗਯੋ ॥੩॥

ਦੋਹਰਾ ॥

ਚੇਤ ਮੁਗਲ ਜਬ ਹੀ ਭਯਾ ਸੀਸ ਰਹਿਯੋ ਨਿਹੁਰਾਇ ॥

ਅਤਿ ਲਜਤ ਜਿਯ ਮੈ ਭਯਾ ਬੈਨ ਨ ਭਾਖ︀ਯੋ ਜਾਇ ॥੪॥

ਅਬ ਮੈ ਯਾਹਿ ਉਬਾਰਿਯਾ ਸੀਤਲ ਬਾਰਿ ਪਿਯਾਇ ॥

ਸਭ ਸੌ ਐਸੀ ਭਾਤਿ ਕਹਿ ਤਾ ਕੌ ਦਿਯਾ ਉਠਾਇ ॥੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੰਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੭॥੮੧੮॥ਅਫਜੂੰ॥

ਦੋਹਰਾ ॥

ਜਹਾਗੀਰ ਪਾਤਿਸਾਹ ਕੇ ਬੇਗਮ ਨੂਰ ਜਹਾ ॥

ਬਸਿ ਕੀਨਾ ਪਤਿ ਆਪਨਾ ਇਹ ਜਸ ਜਹਾ ਤਹਾ ॥੧॥

ਚੌਪਈ ॥

ਨੂਰ ਜਹਾ ਇਮਿ ਬਚਨ ਉਚਾਰੇ ॥

ਜਹਾਗੀਰ ਸੁਨੁ ਸਾਹ ਹਮਾਰੇ ॥

ਹਮ ਤੁਮ ਆਜੁ ਅਖੇਟਕ ਜੈਹੈਂ ॥

ਸਭ ਇਸਤ੍ਰਿਨ ਕਹ ਸਾਥ ਬੁਲੈਹੈਂ ॥੨॥

ਦੋਹਰਾ ॥

ਜਹਾਗੀਰ ਏ ਬਚਨ ਸੁਨਿ ਖੇਲਨ ਚੜਾ ਸਿਕਾਰ ॥

ਸਖੀ ਸਹੇਲੀ ਸੰਗ ਲੈ ਆਯੋ ਬਨਹਿ ਮੰਝਾਰ ॥੩॥

ਅਰੁਨ ਬਸਤ੍ਰ ਤਨ ਮਹਿ ਧਰੇ ਇਮਿ ਅਬਲਾ ਦੁਤਿ ਦੇਹਿ ॥

ਨਰ ਬਪੁਰੇ ਕਾ ਸੁਰਨ ਕੇ ਚਿਤ ਚੁਰਾਏ ਲੇਹਿ ॥੪॥

ਨਵਲ ਬਸਤ੍ਰ ਨਵਲੈ ਜੁਬਨ ਨਵਲਾ ਤਿਯਾ ਅਨੂਪ ॥

ਤਾ ਕਾਨਨ ਮੈ ਡੋਲਹੀ ਰਤਿ ਸੇ ਸਕਲ ਸਰੂਪ ॥੫॥

ਇਕ ਗੋਰੀ ਇਕ ਸਾਵਰੀ ਹਸਿ ਹਸਿ ਝੂਮਰ ਦੇਹਿ ॥

ਜਹਾਗੀਰ ਨਰ ਨਾਹ ਕੀ ਸਗਲ ਬਲੈਯਾ ਲੇਹਿ ॥੬॥

ਚੌਪਈ ॥

ਸਬ ਤ੍ਰਿਯ ਹਥਿਨ ਅਰੂੜਿਤ ਭਈ ॥

ਸਭ ਹੀ ਹਾਥ ਬੰਦੂਕੈ ਲਈ ॥

ਬਿਹਸਿ ਬਿਹਸਿ ਕਰਿ ਬਚਨ ਸੁਨਾਵੈ ॥

ਜਹਾਗੀਰ ਕਹ ਸੀਸ ਝੁਕਾਵੈ ॥੭॥

ਸਭ ਇਸਤ੍ਰਿਨ ਕਰ ਜੋਰੈ ਕੀਨੌ ॥

ਏਕ ਮ੍ਰਿਗਹਿ ਜਾਨੇ ਨਹਿ ਦੀਨੌ ॥

ਕੇਤਿਕ ਬੈਠ ਬਹਲ ਪਰ ਗਈ ॥

ਹੈ ਗੈ ਕਿਤੀ ਅਰੂੜਿਤ ਭਈ ॥੮॥

ਦੋਹਰਾ ॥

ਕਿਨਹੂੰ ਗਹੀ ਤੁਫੰਗ ਕਰ ਕਿਨਹੂੰ ਗਹੀ ਕ੍ਰਿਪਾਨ ॥

ਕਿਨਹੂੰ ਕਟਾਰੀ ਕਾਢਿ ਲੀ ਕਿਨਹੂੰ ਤਨੀ ਕਮਾਨ ॥੯॥

ਚੌਪਈ ॥

ਪ੍ਰਿਥਮ ਮ੍ਰਿਗਨ ਪਰ ਸ੍ਵਾਨ ਧਵਾਏ ॥

ਪੁਨਿ ਚੀਤਾ ਤੇ ਹਰਿਨ ਗਹਾਏ ॥

ਬਾਜ ਜੁਰਨ ਕਾ ਕਿਯਾ ਸਿਕਾਰਾ ॥

ਨੂਰ ਜਹਾ ਪਰ ਪ੍ਰੀਤਿ ਅਪਾਰਾ ॥੧੦॥

ਰੋਝ ਹਰਿਨ ਝੰਖਾਰ ਸੰਘਾਰੇ ॥

ਨੂਰ ਜਹਾ ਗਹਿ ਤੁਪਕ ਪ੍ਰਹਾਰੇ ॥

ਕਿਨਹੂੰ ਹਨੇ ਬੇਗਮਨ ਬਾਨਾ ॥

ਪਸੁਨ ਕਰਾ ਜਮ ਧਾਮ ਪਯਾਨਾ ॥੧੧॥

ਦੋਹਰਾ ॥

ਅਧਿਕ ਰੂਪ ਬੇਗਮ ਨਿਰਖਿ ਰੀਝਿ ਰਹੈ ਮ੍ਰਿਗ ਕੋਟਿ ॥

ਗਿਰੇ ਮੂਰਛਨਾ ਹ੍ਵੈ ਧਰਨਿ ਲਗੇ ਬਿਨਾ ਸਰ ਚੋਟਿ ॥੧੨॥

ਜਿਨ ਕੈ ਤੀਖਨ ਅਸਿ ਲਗੇ ਲੀਜਤ ਤਿਨੈ ਬਚਾਇ ॥

ਜਿਨੈ ਦ੍ਰਿਗਨ ਕੇ ਸਰ ਲਗੇ ਤਿਨ ਕੋ ਕਛੁ ਨ ਉਪਾਇ ॥੧੩॥

ਚੌਪਈ ॥

ਕਿਤੀ ਸਹਚਰੀ ਤੁਰੈ ਧਵਾਵੈ ॥

ਪਹੁਚਿ ਮ੍ਰਿਗਨ ਕੋ ਘਾਇ ਲਗਾਵੈ ॥

ਕਿਨਹੂੰ ਮ੍ਰਿਗਨ ਦ੍ਰਿਗਨ ਸਰ ਮਾਰੇ ॥

ਬਿਨੁ ਪ੍ਰਾਨਨ ਗਿਰਿ ਗਏ ਬਿਚਾਰੇ ॥੧੪॥

ਇਹੀ ਭਾਤਿ ਸੋ ਕੀਆ ਸਿਕਾਰਾ ॥

ਤਬ ਲੌ ਨਿਕਸਾ ਸਿੰਘ ਅਪਾਰਾ ॥

ਯਹ ਧੁਨਿ ਸਾਹ ਸ੍ਰਵਨ ਸੁਨਿ ਪਾਈ ॥

ਸਕਲ ਨਾਰਿ ਇਕਠੀ ਹ੍ਵੈ ਆਈ ॥੧੫॥

ਦੋਹਰਾ ॥

ਬਹੁ ਅਰਨਾ ਭੈਸਾਨ ਕੋ ਆਗੇ ਧਰਾ ਬਨਾਇ ॥

ਤਾ ਪਾਛੇ ਹਜਰਤਿ ਚਲੇ ਬੇਗਮ ਸੰਗ ਸੁਹਾਇ ॥੧੬॥

ਚੌਪਈ ॥

ਜਹਾਗੀਰ ਤਕਿ ਤੁਪਕਿ ਚਲਾਈ ॥

ਸੋ ਨਹਿ ਲਗੀ ਸਿੰਘ ਕੇ ਜਾਈ ॥

ਅਧਿਕ ਕੋਪ ਕਰਿ ਕੇਹਰਿ ਧਾਯੋ ॥

ਪਾਤਿਸਾਹ ਕੇ ਊਪਰ ਆਯੋ ॥੧੭॥

ਹਰਿ ਧਾਵਤ ਹਥਿਨੀ ਭਜਿ ਗਈ ॥

ਨੂਰ ਜਹਾਦਿਕ ਠਾਢ ਨ ਪਈ ॥

ਜੋਧ ਬਾਇ ਯਹ ਤਾਹਿ ਨਿਹਾਰਿਯੋ ॥

ਤਾਕਿ ਤੁਪਕ ਕੋ ਘਾਇ ਪ੍ਰਹਾਰਿਯੋ ॥੧੮॥